ਬਰਡ ਫ਼ਲੂ ਬਾਰੇ
ਬਰਡ ਫ਼ਲੂ, ਜਿਸਨੂੰ ਏਵੀਅਨ ਇਨਫ਼ਲੂਐਂਜ਼ਾ ਵੀ ਕਿਹਾ ਜਾਂਦਾ ਹੈ, ਇਨਫ਼ਲੂਐਂਜ਼ਾ ਵਾਇਰਸ ਦੇ ਵੱਖ-ਵੱਖ ਸਟ੍ਰੇਨਾਂ (ਕਿਸਮਾਂ) ਕਾਰਨ ਹੋਣ ਵਾਲੀ ਇੱਕ ਛੂਤ ਦੀ ਬਿਮਾਰੀ ਹੈ। ਇਹ ਉਨ੍ਹਾਂ ਵਾਇਰਸਾਂ ਵਰਗੇ ਹਨ, ਜੋ ਮਨੁੱਖਾਂ ਵਿੱਚ ਇਨਫ਼ਲੂਐਂਜ਼ਾ (ਫ਼ਲੂ) ਦਾ ਕਾਰਨ ਬਣਦੇ ਹਨ।
ਇਸ ਵਾਇਰਸ ਦੇ ਕੁੱਝ ਸਟ੍ਰੇਨ ਪੰਛੀਆਂ ਨੂੰ ਬਿੱਲਕੁਲ ਵੀ ਬਿਮਾਰ ਨਹੀਂ ਕਰਦੇ ਜਾਂ ਥੋੜ੍ਹਾ-ਬਹੁਤ ਬਿਮਾਰ ਕਰਦੇ ਹਨ, ਜਦਕਿ ਬਾਕੀ ਦੇ ਹੋਰ ਸਟ੍ਰੇਨ ਗੰਭੀਰ ਬਿਮਾਰ ਕਰ ਸਕਦੇ ਹਨ ਜਾਂ ਮੌਤ ਦਾ ਕਾਰਨ ਬਣ ਸਕਦੇ ਹਨ। ਹਾਲਾਂਕਿ ਜੰਗਲੀ ਪੰਛੀਆਂ ਅਤੇ ਪੋਲਟਰੀ ਸਮੇਤ, ਇਸ ਤੋਂ ਮੁੱਖ ਤੌਰ ‘ਤੇ ਪੰਛੀ ਪ੍ਰਭਾਵਿਤ ਹੁੰਦੇ ਹਨ, ਪਰ ਕੁੱਝ ਸਟ੍ਰੇਨ ਬਾਕੀ ਦੇ ਥਣਧਾਰੀ ਜਾਨਵਰਾਂ ਜਿਵੇਂ ਕਿ ਜੰਗਲੀ ਜੀਵਾਂ, ਪਸ਼ੂਧਨ ਅਤੇ ਪਾਲਤੂ ਜਾਨਵਰਾਂ ਨੂੰ ਵੀ ਬਿਮਾਰ ਕਰ ਸਕਦੇ ਹਨ।
ਬਰਡ ਫ਼ਲੂ (H5N1 ਕਲੇਡ 2.3.4.4b) ਦਾ ਇੱਕ ਬਹੁਤ ਜ਼ਿਆਦਾ ਛੂਤਕਾਰੀ ਰੂਪ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਪੰਛੀਆਂ ਅਤੇ ਥਣਧਾਰੀ ਜੀਵਾਂ ਵਿੱਚ ਤੇਜ਼ੀ ਨਾਲ ਫ਼ੈਲ ਚੁੱਕਾ ਹੈ।
ਮਨੁੱਖਾਂ ਵਿੱਚ ਇਹ ਬਿਮਾਰੀ ਬਹੁਤ ਘੱਟ ਹੁੰਦੀ ਹੈ।
ਮਨੁੱਖਾਂ ਵਿੱਚ ਬਰਡ ਫ਼ਲੂ ਦੇ ਲੱਛਣ
ਬਰਡ ਫ਼ਲੂ ਦੀ ਬਿਮਾਰੀ ਨਾਲ ਜਾਂ ਤਾਂ ਕੋਈ ਲੱਛਣ ਨਹੀਂ ਹੁੰਦੇ ਜਾਂ ਥੋੜ੍ਹੇ-ਬਹੁਤ ਲੱਛਣ ਹੁੰਦੇ ਹਨ, ਪਰ ਕਈ ਵਾਰ ਇਹ ਗੰਭੀਰ ਲੱਛਣ ਵੀ ਪੈਦਾ ਕਰ ਸਕਦੀ ਹੈ। ਜਦੋਂ ਲੱਛਣ ਹੁੰਦੇ ਹਨ, ਤਾਂ ਇਹ ਮੌਸਮੀ ਫ਼ਲੂ ਵਰਗੇ ਹੁੰਦੇ ਹਨ ਅਤੇ ਇਨ੍ਹਾਂ ਵਿੱਚ ਸ਼ਾਮਲ ਹਨ:
- ਬੁਖ਼ਾਰ
- ਖੰਘ
- ਗਲੇ ਵਿੱਚ ਦਰਦ
- ਨੱਕ ਵਗਣਾ
- ਅੱਖਾਂ ਵਿੱਚ ਦਰਦ ਅਤੇ ਲਾਲੀ (ਕੰਜੰਕਟਿਵਾਈਟਿਸ)
- ਮਾਸਪੇਸ਼ੀਆਂ ਵਿੱਚ ਦਰਦ ਅਤੇ ਪੀੜ
- ਸਿਰ ਦਰਦ
- ਥਕਾਵਟ
- ਸਾਹ ਚੜ੍ਹਨਾ
- ਮਤਲੀ, ਉਲਟੀਆਂ ਜਾਂ ਦਸਤ।
ਮਨੁੱਖਾਂ ਵਿੱਚ, H5N1 ਬਰਡ ਫ਼ਲੂ ਹਲਕੇ ਤੋਂ ਬਹੁਤ ਗੰਭੀਰ ਲੱਛਣਾਂ ਦਾ ਕਾਰਨ ਬਣ ਸਕਦਾ ਹੈ। ਇਹ ਕਈ ਵਾਰ ਮੌਤ ਦਾ ਕਾਰਨ ਵੀ ਬਣ ਸਕਦਾ ਹੈ।
ਲੱਛਣ ਆਮ ਤੌਰ ‘ਤੇ ਸੰਪਰਕ ਵਿੱਚ ਆਉਣ ਤੋਂ 2 ਤੋਂ 10 ਦਿਨਾਂ ਦੇ ਵਿੱਚ ਨਜ਼ਰ ਆਉਂਦੇ ਹਨ।
ਜੇਕਰ ਤੁਸੀਂ ਹਾਲ ਹੀ ਵਿੱਚ ਕਿਸੇ ਅਜਿਹੇ ਦੇਸ਼ ਜਾਂ ਇਲਾਕੇ ਤੋਂ ਵਾਪਸ ਆਏ ਹੋ ਜਿੱਥੇ ਬਰਡ ਫ਼ਲੂ ਫ਼ੈਲਿਆ ਹੋਇਆ ਹੈ, ਜਾਂ ਤੁਸੀਂ ਬਿਮਾਰ ਜਾਂ ਮਰੇ ਹੋਏ ਪੰਛੀਆਂ ਜਾਂ ਜਾਨਵਰਾਂ ਦੇ ਸੰਪਰਕ ਵਿੱਚ ਆਏ ਹੋ, ਅਤੇ ਤੁਹਾਡੇ ਵਿੱਚ ਫ਼ਲੂ ਵਰਗੇ ਲੱਛਣ ਪੈਦਾ ਹੁੰਦੇ ਹਨ, ਤਾਂ ਆਪਣੇ ਡਾਕਟਰ ਨੂੰ ਮਿਲੋ।
ਪੇਚੀਦਗੀਆਂ
ਬਰਡ ਫ਼ਲੂ ਦੇ ਗੰਭੀਰ ਇਨਫੈਕਸ਼ਨ ਕਾਰਨ ਦਿਮਾਗੀ ਕਿਰਿਆਵਾਂ ਵਿੱਚ ਬਦਲਾਅ, ਨਮੂਨੀਆ (ਫੇਫੜਿਆਂ ਵਿੱਚ ਇਨਫੈਕਸ਼ਨ), ਐਨਸੈਫ਼ਲਾਈਟਿਸ (ਦਿਮਾਗ ਦੀ ਸੋਜ) ਜਾਂ ਮੌਤ ਹੋ ਸਕਦੀ ਹੈ।
ਬਰਡ ਫ਼ਲੂ ਕਿਵੇਂ ਫ਼ੈਲਦਾ ਹੈ?
ਬਰਡ ਫ਼ਲੂ ਮੁੱਖ ਤੌਰ ‘ਤੇ ਪੰਛੀਆਂ ਵਿੱਚ ਫ਼ੈਲਦਾ ਹੈ। ਇਹ ਕਈ ਵਾਰ ਪੰਛੀਆਂ ਤੋਂ ਹੋਰ ਜਾਨਵਰਾਂ ਵਿੱਚ ਅਤੇ ਬਹੁਤ ਘੱਟ ਮਾਮਲਿਆਂ ਵਿੱਚ ਮਨੁੱਖਾਂ ਵਿੱਚ ਵੀ ਫ਼ੈਲ ਸਕਦਾ ਹੈ। ਬਰਡ ਫ਼ਲੂ ਬਹੁਤ ਘੱਟ ਮਾਮਲਿਆਂ ਵਿੱਚ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫ਼ੈਲਦਾ ਹੈ।
ਲੋਕਾਂ ਨੂੰ ਇਹ ਬਿਮਾਰੀ ਹੋ ਸਕਦੀ ਹੈ, ਜੇਕਰ ਉਹ:
- ਇਨਫ਼ੈਕਸ਼ਨ ਵਾਲੇ ਪੰਛੀਆਂ ਅਤੇ ਹੋਰ ਜਾਨਵਰਾਂ ਜਾਂ ਉਨ੍ਹਾਂ ਦੇ ਸਾਹ ਸੰਬੰਧੀ ਰਸਾਂ, ਮਲ (ਵਿੱਠਾਂ) ਅਤੇ ਸਰੀਰ ਦੇ ਹੋਰ ਤਰਲ ਪਦਾਰਥਾਂ ਦੇ ਨਜ਼ਦੀਕੀ ਸੰਪਰਕ ਵਿੱਚ ਆਉਣ
- ਦੂਸ਼ਿਤ ਧੂੜ ਜਾਂ ਬੂੰਦਾਂ ਨੂੰ ਸਾਹ ਰਾਹੀਂ ਅੰਦਰ ਲੈ ਲੈਣ।
ਚੰਗੀ ਤਰ੍ਹਾਂ ਪਕਾਏ ਹੋਏ ਚਿਕਨ ਅਤੇ ਅੰਡਿਆਂ ਤੋਂ ਬਰਡ ਫ਼ਲੂ ਹੋਣ ਦਾ ਖ਼ਤਰਾ ਬਹੁਤ ਘੱਟ ਹੁੰਦਾ ਹੈ। ਹਮੇਸ਼ਾਂ ਪੋਲਟਰੀ ਅਤੇ ਅੰਡਿਆਂ ਨੂੰ ਚੰਗੀ ਤਰ੍ਹਾਂ ਪਕਾਓ, ਅਤੇ ਕੱਚੀ ਪੋਲਟਰੀ ਨੂੰ ਸੁਰੱਖਿਅਤ ਢੰਗ ਨਾਲ ਹੱਥ ਲਗਾਓ।
ਕਿਸਨੂੰ ਖ਼ਤਰਾ ਹੈ?
ਜ਼ਿਆਦਾਤਰ ਲੋਕਾਂ ਨੂੰ ਬਰਡ ਫ਼ਲੂ ਦਾ ਖ਼ਤਰਾ ਨਹੀਂ ਹੁੰਦਾ ਹੈ।
ਬਰਡ ਫ਼ਲੂ ਹੋਣ ਦਾ ਜ਼ਿਆਦਾ ਖ਼ਤਰਾ ਉਨ੍ਹਾਂ ਲੋਕਾਂ ਨੂੰ ਹੁੰਦਾ ਹੈ, ਜੋ:
- ਬਰਡ ਫ਼ਲੂ ਦੇ ਪ੍ਰਕੋਪ ਵਾਲੇ ਦੇਸ਼ਾਂ ਵਿੱਚ ਯਾਤਰਾ ਕਰਦੇ ਹਨ ਅਤੇ ਇਨਫ਼ੈਕਸ਼ਨ ਵਾਲੇ ਪੰਛੀਆਂ ਜਾਂ ਹੋਰ ਜਾਨਵਰਾਂ ਦੇ ਸੰਪਰਕ ਵਿੱਚ ਆਉਂਦੇ ਹਨ
- ਪੰਛੀਆਂ (ਅਤੇ ਉਨ੍ਹਾਂ ਦੇ ਸਾਹ ਸੰਬੰਧੀ ਰਸਾਂ, ਮਲ (ਵਿੱਠਾਂ) ਜਾਂ ਸਰੀਰ ਦੇ ਹੋਰ ਤਰਲ ਪਦਾਰਥਾਂ) ਦੇ ਨਜ਼ਦੀਕੀ ਸੰਪਰਕ ਵਿੱਚ ਰਹਿੰਦੇ ਹਨ, ਉਦਾਹਰਨ ਵਜੋਂ ਪੋਲਟਰੀ ਜਾਂ ਜੰਗਲੀ ਜੀਵਾਂ ਨਾਲ ਕੰਮ ਕਰਨ ਵਾਲੇ ਕਰਮਚਾਰੀ।
ਬਚਾਅ
ਜੇਕਰ ਤੁਹਾਨੂੰ ਬਿਮਾਰ ਜਾਂ ਮਰੇ ਹੋਏ ਪੰਛੀ ਮਿਲਣ, ਤਾਂ ਕੀ ਕਰਨਾ ਹੈ?
ਆਮ ਤੌਰ ‘ਤੇ, ਲੋਕਾਂ ਨੂੰ ਜਿੰਨਾ ਹੋ ਸਕੇ ਬਿਮਾਰ ਜਾਂ ਮਰੇ ਹੋਏ ਜਾਨਵਰਾਂ ਦੇ ਸੰਪਰਕ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਹਾਨੂੰ ਕਈ ਬਿਮਾਰ ਜਾਂ ਮਰੇ ਹੋਏ ਪੰਛੀ ਜਾਂ ਜਾਨਵਰ ਮਿਲਣ, ਤਾਂ ਤੁਹਾਨੂੰ ਇਹ ਕਰਨਾ ਚਾਹੀਦਾ ਹੈ:
- ਸੰਪਰਕ ਵਿੱਚ ਆਉਣ ਤੋਂ ਬਚਣਾ ਚਾਹੀਦਾ ਹੈ
- ਜੋ ਤੁਸੀਂ ਦੇਖਦੇ ਹੋ, ਉਸਦਾ ਰਿਕਾਰਡ ਬਣਾਓ (ਜਾਨਵਰਾਂ ਅਤੇ ਆਪਣੇ ਸਥਾਨ ਦੀ ਫ਼ੋਟੋ ਲੈ ਕੇ ਜਾਂ ਵੀਡੀਓ ਬਣਾ ਕੇ)
- ਇਸ ਬਾਰੇ ਡਿਪਾਰਟਮੈਂਟ ਆਫ਼ ਐਨਰਜੀ, ਇਨਵਾਇਰਨਮੈਂਟ ਐਂਡ ਕਲਾਈਮਟ ਐਕਸ਼ਨ ਜਾਂ ਐਮਰਜੈਂਸੀ ਐਨੀਮਲ ਡਿਜ਼ੀਜ਼ ਹੌਟਲਾਈਨ ਨੂੰ 1800 675 888 ‘ਤੇ (24/7) ਜਾਣਕਾਰੀ ਦਿਓ।
ਤੁਹਾਡਾ ਮੌਸਮੀ ਫ਼ਲੂ ਟੀਕਾਕਰਨ ਕਰਵਾਉਣਾ ਬਹੁਤ ਜ਼ਰੂਰੀ ਤੌਰ ‘ਤੇ ਸਿਫਾਰਸ਼ ਕੀਤਾ ਜਾਂਦਾ ਹੈ। ਜੇਕਰ ਤੁਸੀਂ ਇੱਕੋ ਸਮੇਂ ਮੌਸਮੀ ਫ਼ਲੂ ਅਤੇ ਬਰਡ ਫ਼ਲੂ ਦੇ ਸੰਪਰਕ ਵਿੱਚ ਆਉਂਦੇ ਹੋ, ਤਾਂ ਇਹ ਗੰਭੀਰ ਤੌਰ ‘ਤੇ ਬਿਮਾਰ ਹੋਣ ਦੇ ਖ਼ਤਰੇ ਨੂੰ ਘਟਾਉਂਦਾ ਹੈ। ਇਹ ਵੱਖ-ਵੱਖ ਫ਼ਲੂ ਸਟ੍ਰੇਨਾਂ ਦੇ ਮਿਲ ਕੇ ਨਵੇਂ ਵਾਇਰਸ ਬਣਾਉਣ ਦੀ ਸੰਭਾਵਨਾ ਨੂੰ ਵੀ ਘਟਾਉਂਦਾ ਹੈ।
ਯਾਤਰੀਆਂ ਲਈ ਸਲਾਹ
ਜੇਕਰ ਤੁਸੀਂ ਉਹਨਾਂ ਦੇਸ਼ਾਂ ਜਾਂ ਇਲਾਕਿਆਂ ਦੀ ਯਾਤਰਾ ਕਰ ਰਹੇ ਹੋ, ਜਿੱਥੇ ਬਰਡ ਫ਼ਲੂ ਫ਼ੈਲਿਆ ਹੋਇਆ ਹੈ, ਤਾਂ ਇਸ ਬਿਮਾਰੀ ਤੋਂ ਬਚਾਅ ਲਈ ਤੁਹਾਨੂੰ ਹੇਠ ਲਿਖੇ ਕਦਮ ਚੁੱਕਣੇ ਚਾਹੀਦੇ ਹਨ:
- ਜੰਗਲੀ ਪੰਛੀਆਂ ਅਤੇ ਹੋਰ ਜਾਨਵਰਾਂ, ਪੋਲਟਰੀ ਫ਼ਾਰਮਾਂ ਅਤੇ ਜਿਉਂਦੇ ਜਾਨਵਰਾਂ ਵਾਲੀਆਂ ‘ਵੈੱਟ’ ਮਾਰਕੀਟਾਂ ਤੋਂ ਦੂਰ ਰਹੋ
- ਕੱਚੇ ਪੋਲਟਰੀ ਮੀਟ ਅਤੇ ਅੰਡਿਆਂ ਨੂੰ ਹੱਥ ਲਗਾਉਣ ਤੋਂ ਬਾਅਦ ਸਾਬਣ ਅਤੇ ਪਾਣੀ ਨਾਲ ਆਪਣੇ ਹੱਥ ਧੋਵੋ, ਅਤੇ ਇਨ੍ਹਾਂ ਚੀਜ਼ਾਂ ਨੂੰ ਛੂਹਣ ਤੋਂ ਬਾਅਦ ਆਪਣੀਆਂ ਅੱਖਾਂ, ਨੱਕ ਜਾਂ ਮੂੰਹ ਨੂੰ ਛੂਹਣ ਤੋਂ ਬਚੋ
- ਕੱਚੀ ਪੋਲਟਰੀ ਤਿਆਰ ਕਰਨ ਤੋਂ ਬਾਅਦ, ਰਸੋਈ ਦੇ ਸਾਰੇ ਉਪਕਰਨ ਧੋਵੋ ਅਤੇ ਖਾਣਾ ਬਣਾਉਣ ਵਾਲੀਆਂ ਥਾਵਾਂ ਨੂੰ ਸਾਫ਼ ਕਰੋ
- ਯਕੀਨੀ ਬਣਾਓ ਕਿ ਪੋਲਟਰੀ ਮੀਟ ਅਤੇ ਅੰਡੇ ਖਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਪਕਾਏ ਗਏ ਹਨ
- ਕੱਚਾ, ਬਿਨਾਂ ਪੈਸਚੁਰਾਈਜ਼ਡ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥ ਨਾ ਖਾਓ-ਪੀਓ।
ਯਾਤਰਾ ਕਰਨ ਤੋਂ ਪਹਿਲਾਂ, ਸਮਾਰਟਟ੍ਰੈਵਲਰ ‘ਤੇ ਸਿਹਤ ਸੰਬੰਧੀ ਸਲਾਹ ਨੂੰ ਨਿਯਮਿਤ ਤੌਰ ‘ਤੇ ਵੇਖਦੇ ਰਹੋ।
ਕਰਮਚਾਰੀਆਂ ਲਈ ਸਲਾਹ
ਜਿਹੜੇ ਲੋਕ ਅਜਿਹੀਆਂ ਥਾਵਾਂ ‘ਤੇ ਕੰਮ ਕਰਦੇ ਹਨ, ਜਿੱਥੇ ਪੋਲਟਰੀ ਜਾਂ ਬਿਮਾਰ ਪੰਛੀਆਂ ਅਤੇ ਹੋਰ ਜਾਨਵਰਾਂ ਨਾਲ ਨਜ਼ਦੀਕੀ ਸੰਪਰਕ ਹੁੰਦਾ ਹੈ, ਉਨ੍ਹਾਂ ਨੂੰ ਬਿਮਾਰੀ ਤੋਂ ਬਚਾਅ ਲਈ ਢੁੱਕਵੇਂ ਕਦਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਵਿੱਚ ਚੰਗੀਆਂ ਸਾਫ਼-ਸਫ਼ਾਈ ਦੀਆਂ ਆਦਤਾਂ ਅਤੇ ਨਿੱਜੀ ਸੁਰੱਖਿਆ ਉਪਕਰਨਾਂ ਦੀ ਵਰਤੋਂ ਸ਼ਾਮਲ ਹੈ, ਜਿਵੇਂ ਕਿ P2/N95 ਰੈਸਪੀਰੇਟਰ ਮਾਸਕ, ਚਸ਼ਮੇ, ਦਸਤਾਨੇ ਅਤੇ ਸੁਰੱਖਿਆ ਵਾਲੇ ਕੱਪੜੇ।
ਕਰਮਚਾਰੀਆਂ ਨੂੰ ਹਰ ਸਾਲ ਮੌਸਮੀ ਫ਼ਲੂ ਦਾ ਟੀਕਾ ਲਗਵਾਉਣ ਦੀ ਵੀ ਪੁਰਜ਼ੋਰ ਸਲਾਹ ਦਿੱਤੀ ਜਾਂਦੀ ਹੈ।
ਬਰਡ ਫ਼ਲੂ ਦੀ ਪਛਾਣ ਕਿਵੇਂ ਕੀਤੀ ਜਾਂਦੀ ਹੈ?
ਬਰਡ ਫ਼ਲੂ ਦੀ ਪਛਾਣ ਨੱਕ ਅਤੇ ਗਲੇ ਵਿੱਚੋਂ ਲਏ ਗਏ ਸਵੈਬਾਂ ਦੀ ਜਾਂਚ ਰਾਹੀਂ ਕੀਤੀ ਜਾਂਦੀ ਹੈ।
ਜੇਕਰ ਤੁਹਾਡੇ ਵਿੱਚ ਫ਼ਲੂ ਵਰਗੇ ਲੱਛਣ ਹਨ ਅਤੇ ਤੁਸੀਂ ਬਿਮਾਰ ਪੰਛੀਆਂ ਜਾਂ ਹੋਰ ਜਾਨਵਰਾਂ ਦੇ ਨਜ਼ਦੀਕੀ ਸੰਪਰਕ ਵਿੱਚ ਰਹੇ ਹੋ, ਜਾਂ ਤੁਸੀਂ ਬਰਡ ਫ਼ਲੂ ਦੇ ਪ੍ਰਕੋਪ ਵਾਲੇ ਕਿਸੇ ਦੇਸ਼ ਜਾਂ ਇਲਾਕੇ ਤੋਂ ਵਾਪਸ ਆਏ ਹੋ, ਤਾਂ ਤੁਹਾਨੂੰ ਆਪਣੇ ਡਾਕਟਰ ਨੂੰ ਮਿਲਣਾ ਚਾਹੀਦਾ ਹੈ।
ਉਨ੍ਹਾਂ ਨੂੰ ਬਰਡ ਫ਼ਲੂ ਨਾਲ ਹੋਏ ਕਿਸੇ ਵੀ ਸੰਭਾਵਿਤ ਸੰਪਰਕ ਬਾਰੇ ਜਾਣਕਾਰੀ ਦਿਓ। ਬਿਮਾਰੀ ਫ਼ੈਲਣ ਤੋਂ ਰੋਕਣ ਲਈ ਪਹਿਲਾਂ ਫ਼ੋਨ ਕਰਨਾ ਯਕੀਨੀ ਬਣਾਓ, ਅਤੇ ਚਿਹਰੇ ‘ਤੇ ਮਾਸਕ ਪਹਿਨੋ।
ਬਰਡ ਫ਼ਲੂ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ?
ਮੌਸਮੀ ਫ਼ਲੂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਐਂਟੀ-ਵਾਇਰਲ ਦਵਾਈਆਂ ਬਰਡ ਫ਼ਲੂ ਲਈ ਵੀ ਅਸਰਦਾਰ ਹੁੰਦੀਆਂ ਹਨ, ਅਤੇ ਗੰਭੀਰ ਬਿਮਾਰੀ ਤੋਂ ਬਚਾਉਣ ਵਿੱਚ ਮਦਦ ਕਰਦੀਆਂ ਹਨ।
ਜੇਕਰ ਤੁਸੀਂ ਬਰਡ ਫ਼ਲੂ ਦੇ ਸੰਪਰਕ ਵਿੱਚ ਆਏ ਹੋ
ਜੇਕਰ ਤੁਹਾਨੂੰ ਬਰਡ ਫ਼ਲੂ ਹੈ
ਜੇਕਰ ਤੁਹਾਡੇ ਵਿੱਚ ਬਰਡ ਫ਼ਲੂ ਦੀ ਪੁਸ਼ਟੀ ਹੋ ਜਾਂਦੀ ਹੈ, ਤਾਂ ਇਸਦੇ ਫ਼ੈਲਣ ਨੂੰ ਰੋਕਣ ਲਈ ਤੁਹਾਨੂੰ ਅਲੱਗ ਰਹਿਣਾ ਪਵੇਗਾ। ਜੇਕਰ ਤੁਹਾਨੂੰ ਹਸਪਤਾਲ ਵਿੱਚ ਇਲਾਜ ਦੀ ਲੋੜ ਪੈਂਦੀ ਹੈ, ਤਾਂ ਤੁਹਾਡਾ ਇਲਾਜ ਇਨਫ਼ੈਕਸ਼ਨ ਕੰਟਰੋਲ ਸਾਵਧਾਨੀਆਂ ਦੇ ਤਹਿਤ ਕੀਤਾ ਜਾਵੇਗਾ।
ਲੋਕਲ ਪਬਲਿਕ ਹੈਲਥ ਯੂਨਿਟ ਬਰਡ ਫ਼ਲੂ ਦੀ ਪੁਸ਼ਟੀ ਵਾਲੇ ਲੋਕਾਂ, ਉਨ੍ਹਾਂ ਦੇ ਡਾਕਟਰਾਂ ਅਤੇ ਲੈਬੋਰਟਰੀਆਂ ਨਾਲ ਮਿਲ ਕੇ ਭਾਈਚਾਰੇ ਵਿੱਚ ਬਰਡ ਫ਼ਲੂ ਦੇ ਸੰਭਾਵਿਤ ਖ਼ਤਰੇ ਦੀ ਜਾਂਚ ਅਤੇ ਜਵਾਬੀ ਕਾਰਵਾਈ ਕਰਦੀ ਹੈ।
ਜੇਕਰ ਤੁਸੀਂ ਇਨਫ਼ੈਕਸ਼ਨ ਵਾਲੇ ਪੰਛੀ ਜਾਂ ਜਾਨਵਰ ਦੇ ਨੇੜੇ ਰਹੇ ਹੋ
ਜੇਕਰ ਤੁਸੀਂ ਬਰਡ ਫ਼ਲੂ ਦੇ ਸੰਪਰਕ ਵਿੱਚ ਆਏ ਹੋ, ਤਾਂ ਤੁਹਾਨੂੰ ਉਹਨਾਂ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਜਿਨ੍ਹਾਂ ‘ਤੇ ਨਜ਼ਰ ਰੱਖਣੀ ਚਾਹੀਦੀ ਹੈ। ਜੇਕਰ ਤੁਹਾਡੇ ਵਿੱਚ ਲੱਛਣ ਪੈਦਾ ਹੁੰਦੇ ਹਨ, ਤਾਂ ਘਰ ਵਿੱਚ ਰਹੋ ਅਤੇ ਸਿਰਫ਼ ਟੈਸਟ ਕਰਵਾਉਣ ਲਈ ਹੀ ਬਾਹਰ ਜਾਓ।
ਕੁੱਝ ਲੋਕਾਂ ਨੂੰ ਗੰਭੀਰ ਬਿਮਾਰੀ ਤੋਂ ਬਚਾਅ ਲਈ ਐਂਟੀ-ਵਾਇਰਲ ਦਵਾਈ ਲੈਣ ਦੀ ਸਲਾਹ ਦਿੱਤੀ ਜਾ ਸਕਦੀ ਹੈ।
ਲੋਕਲ ਪਬਲਿਕ ਹੈਲਥ ਯੂਨਿਟ ਜਾਣਕਾਰੀ ਪ੍ਰਦਾਨ ਕਰਦੀ ਹੈ, ਅਤੇ ਸੰਪਰਕ ਵਿੱਚ ਆਏ ਲੋਕਾਂ ਨਾਲ ਸੰਬੰਧਿਤ ਕਾਰਵਾਈ ਕਰਦੀ ਹੈ।
ਜਾਨਵਰਾਂ ਵਿੱਚ ਬਰਡ ਫ਼ਲੂ
ਐਗਰੀਕਲਚਰ ਵਿਕਟੋਰੀਆ ਜਾਨਵਰਾਂ ਦੀ ਸਿਹਤ ਸੰਬੰਧੀ ਅਥਾਰਟੀ ਹੈ, ਜੋ ਜਾਨਵਰਾਂ ਵਿੱਚ ਬਰਡ ਫ਼ਲੂ ਫ਼ੈਲਣ ਦੇ ਮਾਮਲਿਆਂ ਦੀ ਜਾਂਚ ਅਤੇ ਜਵਾਬੀ ਕਾਰਵਾਈ ਕਰਦੀ ਹੈ (ਉਦਾਹਰਨ ਵਜੋਂ ਪੋਲਟਰੀ ਫ਼ਾਰਮਾਂ ਵਿੱਚ)।
ਜਦੋਂ ਵਿਕਟੋਰੀਆ ਵਿੱਚ ਬਰਡ ਫ਼ਲੂ ਦਾ ਪ੍ਰਕੋਪ ਹੁੰਦਾ ਹੈ, ਤਾਂ ਉਨ੍ਹਾਂ ਲੋਕਾਂ ਨਾਲ ਲੋਕਲ ਪਬਲਿਕ ਹੈਲਥ ਯੂਨਿਟ ਵੱਲੋਂ ਸੰਪਰਕ ਕੀਤਾ ਜਾਂਦਾ ਹੈ ਜੋ ਇਨਫ਼ੈਕਸ਼ਨ ਵਾਲੇ ਪੰਛੀਆਂ ਦੇ ਸੰਪਰਕ ਵਿੱਚ ਆਏ ਹੋ ਸਕਦੇ ਹਨ।
ਮਦਦ ਕਿੱਥੋਂ ਲੈਣੀ ਹੈ?