ਸੰਖੇਪ ਜਾਣਕਾਰੀ
Read the full fact sheet- ਕਿਸੇ ਸਦਮਾਮਈ ਜਾਂ ਡਰਾਉਣੀ ਘਟਨਾ ਤੋਂ ਬਾਅਦ ਸਖ਼ਤ ਪ੍ਰਤੀਕਰਮ ਹੋਣਾ ਆਮ ਗੱਲ ਹੈ, ਪਰ ਇਹ ਕੁੱਝ ਹਫ਼ਤਿਆਂ ਬਾਅਦ ਇਹ ਘੱਟਣੇ ਸ਼ੁਰੂ ਹੋ ਜਾਣੇ ਚਾਹੀਦੇ ਹਨ।
- ਲੋਕ ਕਈ ਤਰ੍ਹਾਂ ਦੀਆਂ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਵਿਹਾਰਕ ਪ੍ਰਤੀਕ੍ਰਿਆਵਾਂ ਦਾ ਅਨੁਭਵ ਕਰ ਸਕਦੇ ਹਨ।
- ਬਹੁਤ ਸਾਰੀਆਂ ਚੀਜ਼ਾਂ ਹਨ ਜੋ ਤੁਸੀਂ ਸਦਮੇ ਨਾਲ ਸਿੱਝਣ ਅਤੇ ਠੀਕ ਹੋਣ ਲਈ ਕਰ ਸਕਦੇ ਹੋ।
- ਜੇ ਤੁਸੀਂ ਤਿੰਨ ਜਾਂ ਚਾਰ ਹਫ਼ਤਿਆਂ ਬਾਅਦ ਆਮ ਵਾਂਗ ਹੋਣਾ ਨਹੀਂ ਸ਼ੁਰੂ ਕਰਦੇ ਹੋ ਤਾਂ ਪੇਸ਼ੇਵਰ ਮੱਦਦ ਲਓ।
On this page
- ਸਦਮੇ ਪ੍ਰਤੀ ਪ੍ਰਤੀਕਰਮ
- ਸਦਮੇ ਪ੍ਰਤੀ ਮਾਨਸਿਕ ਪ੍ਰਤੀਕਰਮ
- ਸਦਮੇ ਪ੍ਰਤੀ ਭਾਵਨਾਤਮਕ ਪ੍ਰਤੀਕਰਮ
- ਸਦਮੇ ਲਈ ਸਰੀਰਕ ਪ੍ਰਤੀਕਰਮ
- ਸਦਮੇ ਪ੍ਰਤੀ ਵਿਹਾਰਕ ਪ੍ਰਤੀਕਰਮ
- ਸਦਮਾਮਈ ਘਟਨਾ ਵਿੱਚੋਂ ਮਤਲਬ ਕੱਢਣੇ
- ਸਦਮੇ ਪ੍ਰਤੀ ਦੁਖਦਾਈ ਪ੍ਰਤੀਕ੍ਰਿਆਵਾਂ ਨੂੰ ਹੱਲ ਕਰਨ ਵਿੱਚ ਮੱਦਦ ਕਰਨਾ
- ਠੀਕ ਹੋਣ ਅਤੇ ਰਿਕਵਰੀ ਦੀ ਪ੍ਰਕਿਰਿਆ
- ਕਿਸੇ ਸਿਹਤ ਪੇਸ਼ੇਵਰ ਤੋਂ ਮੱਦਦ ਮੰਗਣਾ
- ਸਦਮੇ ਤੋਂ ਬਾਅਦ ਦਾ ਤਣਾਅ ਵਿਕਾਰ (PTSD)
- ਮੱਦਦ ਕਿੱਥੋਂ ਲੈਣੀ ਹੈ
ਕਿਸੇ ਸਦਮਾਮਈ ਘਟਨਾ ਤੋਂ ਬਾਅਦ ਮਜ਼ਬੂਤ ਭਾਵਨਾਤਮਕ ਜਾਂ ਸਰੀਰਕ ਪ੍ਰਤੀਕਰਮ ਹੋਣਾ ਆਮ ਗੱਲ ਹੈ। ਹਾਲਾਂਕਿ ਜ਼ਿਆਦਾਤਰ ਮੌਕਿਆਂ 'ਤੇ, ਇਹ ਪ੍ਰਤੀਕਰਮ ਸਰੀਰ ਦੇ ਕੁਦਰਤੀ ਤੌਰ 'ਤੇ ਠੀਕ ਹੋਣ ਅਤੇ ਰਿਕਵਰੀ ਪ੍ਰਕਿਰਿਆ ਦੇ ਹਿੱਸੇ ਵਜੋਂ ਘੱਟ ਜਾਂਦੇ ਹਨ। ਅਜਿਹੇ ਅਨੁਭਵ ਨਾਲ ਸਿੱਝਣ ਅਤੇ ਮੁੜ ਉਭਰਨ ਲਈ ਤੁਸੀਂ ਬਹੁਤ ਸਾਰੀਆਂ ਚੀਜ਼ਾਂ ਕਰ ਸਕਦੇ ਹੋ।
ਸਦਮੇ ਦਾ ਅਨੁਭਵ ਜੀਵਨ ਵਿੱਚ ਕੋਈ ਵੀ ਅਜਿਹੀ ਘਟਨਾ ਹੈ ਜੋ ਸਾਡੀ ਸੁਰੱਖਿਆ ਲਈ ਖ਼ਤਰਾ ਪੈਦਾ ਕਰਦੀ ਹੈ ਅਤੇ ਸੰਭਾਵੀ ਤੌਰ 'ਤੇ ਸਾਡੀ ਆਪਣੀ ਜ਼ਿੰਦਗੀ ਜਾਂ ਦੂਜਿਆਂ ਦੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾਉਂਦੀ ਹੈ। ਨਤੀਜੇ ਵਜੋਂ, ਕੋਈ ਵਿਅਕਤੀ ਉੱਚ ਪੱਧਰੀ ਭਾਵਨਾਤਮਕ, ਮਨੋਵਿਗਿਆਨਕ, ਅਤੇ ਸਰੀਰਕ ਪ੍ਰੇਸ਼ਾਨੀ ਦਾ ਅਨੁਭਵ ਕਰਦਾ ਹੈ ਜੋ ਅਸਥਾਈ ਤੌਰ 'ਤੇ ਰੋਜ਼ਮਰਾ ਜੀਵਨ ਵਿੱਚ ਆਮ ਤੌਰ 'ਤੇ ਕੰਮ ਕਰਨ ਦੀ ਸਮਰੱਥਾ ਵਿੱਚ ਵਿਘਨ ਪਾਉਂਦਾ ਹੈ।
ਸੰਭਾਵੀ ਤੌਰ 'ਤੇ ਸਦਮਾਮਈ ਅਨੁਭਵਾਂ ਦੀਆਂ ਉਦਾਹਰਨਾਂ ਵਿੱਚ ਕੁਦਰਤੀ ਆਫ਼ਤਾਂ, ਜਿਵੇਂ ਕਿ ਬੁਸ਼ਫਾਇਰ ਜਾਂ ਹੜ੍ਹ, ਹਥਿਆਰਬੰਦ ਡਕੈਤੀ ਦਾ ਗਵਾਹ ਹੋਣਾ, ਕਿਸੇ ਗੰਭੀਰ ਕਾਰ ਦੁਰਘਟਨਾ ਦਾ ਹੋਣਾ, ਹਵਾਈ ਜਹਾਜ਼ ਵਿੱਚ ਸਫ਼ਰ ਕਰਦੇ ਹੋਣਾ ਜਿਸ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ, ਜਾਂ ਸਰੀਰਕ ਤੌਰ 'ਤੇ ਹਮਲਾ ਹੋਇਆ ਹੋਣਾ ਸ਼ਾਮਲ ਹਨ।
ਸਦਮੇ ਪ੍ਰਤੀ ਪ੍ਰਤੀਕਰਮ
ਕਿਸੇ ਵਿਅਕਤੀ ਦੇ ਸਦਮੇ ਪ੍ਰਤੀ ਪ੍ਰਤੀਕਰਮ ਕਰਨ ਦਾ ਤਰੀਕਾ ਸਦਮੇ ਵਾਲੀ ਘਟਨਾ ਦੀ ਕਿਸਮ ਅਤੇ ਗੰਭੀਰਤਾ, ਕੀ ਉਸ ਵਿਅਕਤੀ ਕੋਲ ਕੋਈ ਪਿਛਲਾ ਸੰਬੰਧਿਤ ਅਨੁਭਵ ਜਾਂ ਸਿਖਲਾਈ ਸੀ ਜਾਂ ਨਹੀਂ, ਕੀ ਉਹ ਸਰਗਰਮ ਜਾਂ ਬੇਸਹਾਰਾ ਹਨ, ਘਟਨਾ ਵਾਪਰਨ ਤੋਂ ਬਾਅਦ ਉਪਲਬਧ ਸਹਾਇਤਾ ਦੀ ਮਾਤਰਾ, ਇਸ ਵਿਅਕਤੀ ਦੇ ਜੀਵਨ ਵਿੱਚ ਹੋਰ ਮੌਜੂਦਾ ਤਣਾਅ, ਉਸ ਦੀ ਸ਼ਖਸੀਅਤ, ਲਚਕੀਲੇਪਣ ਦੇ ਕੁਦਰਤੀ ਪੱਧਰ, ਅਤੇ ਕੋਈ ਵੀ ਪਿਛਲੇ ਸਦਮਾਮਈ ਅਨੁਭਵ 'ਤੇ ਨਿਰਭਰ ਕਰਦਾ ਹੈ।
ਆਮ ਪ੍ਰਤੀਕਰਮਾਂ ਵਿੱਚ ਸ਼ਾਮਲ ਹਨ:
- ਆਮ ਪ੍ਰਤੀਕ੍ਰਿਆਵਾਂ ਵਿੱਚ ਸ਼ਾਮਲ ਹਨ: ਇਹ ਮਹਿਸੂਸ ਕਰਨਾ ਜਿਵੇਂ ਕਿ ਤੁਸੀਂ ਕਿਸੇ ਹੋਰ ਚੀਜ਼ ਜੋ ਵਾਪਰ ਸਕਦੀ ਹੈ, ਲਈ 'ਉੱਚ ਚੇਤਾਵਨੀ' ਅਤੇ 'ਨਜ਼ਰਸਾਨੀ ਰੱਖਣ' ਦੀ ਸਥਿਤੀ ਵਿੱਚ ਹੋ
- ਭਾਵਨਾਤਮਕ ਤੌਰ 'ਤੇ ਸੁੰਨ ਹੋਣਾ, ਜਿਵੇਂ ਕਿ 'ਸਦਮੇ' ਦੀ ਸਥਿਤੀ ਵਿੱਚ
- ਭਾਵਨਾਤਮਕ ਹੋਣਾ ਅਤੇ ਪ੍ਰੇਸ਼ਾਨ ਹੋਣਾ
- ਬਹੁਤ ਜ਼ਿਆਦਾ ਹੰਭਿਆ ਅਤੇ ਥਕਾਵਟ ਮਹਿਸੂਸ ਕਰਨਾ
- ਬਹੁਤ ਤਣਾਅ ਅਤੇ/ਜਾਂ ਚਿੰਤਾ ਮਹਿਸੂਸ ਕਰਨਾ
- ਪਰਿਵਾਰ ਅਤੇ ਦੋਸਤਾਂ ਸਮੇਤ ਦੂਜਿਆਂ ਪ੍ਰਤੀ ਬਹੁਤ ਸੁਰੱਖਿਅਤਮਕ ਹੋ ਜਾਣਾ
- 'ਕੀ ਹੋ ਸਕਦਾ ਹੈ' ਦੇ ਡਰ ਕਾਰਨ ਕਿਸੇ ਖਾਸ ਜਗ੍ਹਾ ਨੂੰ ਛੱਡਣਾ ਨਹੀਂ ਚਾਹੁੰਦੇ ਹੋ
- ਇਹਨਾਂ ਪ੍ਰਤੀਕਰਮਾਂ ਦੇ ਵਿਚਕਾਰ ਝੂਲਦੇ ਰਹਿਣਾ।
ਇਹ ਪ੍ਰਤੀਕਰਮ ਆਮ ਹੁੰਦੇ ਹਨ, ਅਤੇ ਜ਼ਿਆਦਾਤਰ ਮਾਮਲਿਆਂ ਵਿੱਚ, ਇਹ ਅਗਲੇ ਕੁੱਝ ਹਫ਼ਤਿਆਂ ਵਿੱਚ ਸਰੀਰ ਦੇ ਕੁਦਰਤੀ ਤੌਰ 'ਤੇ ਠੀਕ ਹੋਣ ਅਤੇ ਰਿਕਵਰੀ ਪ੍ਰਕਿਰਿਆ ਦੇ ਹਿੱਸੇ ਵਜੋਂ ਘੱਟ ਜਾਂਦੇ ਹਨ।
ਸਦਮੇ ਪ੍ਰਤੀ ਮਾਨਸਿਕ ਪ੍ਰਤੀਕਰਮ
ਸਦਮੇ ਲਈ ਮਾਨਸਿਕ ਪ੍ਰਤੀਕ੍ਰਿਆਵਾਂ ਵਿੱਚ ਸ਼ਾਮਲ ਹਨ:
- ਘਟੀ ਹੋਈ ਇਕਾਗਰਤਾ ਅਤੇ ਯਾਦਦਾਸ਼ਤ
- ਘਟਨਾ ਬਾਰੇ ਅਣਚਾਹੇ ਵਿਚਾਰ
- ਮਨ ਵਿੱਚ ਘਟਨਾ ਦੇ ਹਿੱਸਿਆਂ ਦਾ ਵਾਰ-ਵਾਰ ਆਉਣਾ
- ਉਲਝਣ ਜਾਂ ਭਟਕਣਾ।
ਸਦਮੇ ਪ੍ਰਤੀ ਭਾਵਨਾਤਮਕ ਪ੍ਰਤੀਕਰਮ
ਸਦਮੇ ਪ੍ਰਤੀ ਭਾਵਨਾਤਮਕ ਪ੍ਰਤੀਕ੍ਰਿਆਵਾਂ ਵਿੱਚ ਸ਼ਾਮਲ ਹੋ ਸਕਦੇ ਹਨ:
- ਡਰ, ਚਿੰਤਾ ਅਤੇ ਘਬਰਾਹਟ
- ਝਟਕਾ ਲੱਗਣਾ - ਜੋ ਵਾਪਰਿਆ ਹੈ ਉਸ 'ਤੇ ਵਿਸ਼ਵਾਸ ਕਰਨ ਵਿੱਚ ਮੁਸ਼ਕਲ, ਨਿਰਲੇਪਤਾ ਅਤੇ ਉਲਝਣ ਮਹਿਸੂਸ ਕਰਨਾ
- ਸੁੰਨ ਹੋਣਾ ਅਤੇ ਨਿਰਲੇਪ ਮਹਿਸੂਸ ਕਰਨਾ
- ਦੂਜਿਆਂ ਨਾਲ ਜੁੜਨਾ ਨਹੀਂ ਚਾਹੁੰਦੇ ਜਾਂ ਆਪਣੇ ਆਲੇ-ਦੁਆਲੇ ਦੇ ਲੋਕਾਂ ਤੋਂ ਦੂਰ ਹੋਣਾ
- ਲਗਾਤਾਰ ਸੁਚੇਤ ਰਹਿਣਾ - ਮਹਿਸੂਸ ਕਰਨਾ ਜਿਵੇਂ ਖ਼ਤਰਾ ਅਜੇ ਵੀ ਮੌਜੂਦ ਹੈ ਜਾਂ ਘਟਨਾ ਜਾਰੀ ਹੈ
- ਨਿਰਾਸ਼ਾ - ਸੰਕਟ ਖਤਮ ਹੋਣ ਤੋਂ ਬਾਅਦ, ਥਕਾਵਟ ਸਪੱਸ਼ਟ ਹੋ ਸਕਦੀ ਹੈ। ਘਟਨਾ ਪ੍ਰਤੀ ਭਾਵਨਾਤਮਕ ਪ੍ਰਤੀਕ੍ਰਿਆਵਾਂ ਨਿਰਾਸ਼ਾ (ਲੇਟ-ਡਾਊਨ) ਪੜਾਅ ਦੇ ਦੌਰਾਨ ਮਹਿਸੂਸ ਕੀਤੀਆਂ ਜਾਂਦੀਆਂ ਹਨ, ਅਤੇ ਇਸ ਵਿੱਚ ਉਦਾਸੀ, ਪ੍ਰਹੇਜ਼, ਦੋਸ਼, ਅਤਿ ਸੰਵੇਦਨਸ਼ੀਲਤਾ, ਅਤੇ ਵੱਖ ਹੋਣਾ ਸ਼ਾਮਲ ਹੈ।
ਸਦਮੇ ਲਈ ਸਰੀਰਕ ਪ੍ਰਤੀਕਰਮ
ਸਦਮਾਮਈ ਅਨੁਭਵਾਂ ਦੇ ਨਤੀਜੇ ਵਜੋਂ ਸਰੀਰਕ ਪ੍ਰਤੀਕਰਮ ਹੋ ਸਕਦੇ ਹਨ, ਜਿਸ ਵਿੱਚ ਸ਼ਾਮਲ ਹਨ:
- ਥਕਾਵਟ ਜਾਂ ਹੰਭਣਾ
- ਖ਼ਲਲ ਵਾਲੀ ਨੀਂਦ
- ਮਤਲੀ, ਉਲਟੀਆਂ ਅਤੇ ਚੱਕਰ ਆਉਣੇ
- ਸਿਰ ਦਰਦ
- ਬਹੁਤ ਜ਼ਿਆਦਾ ਪਸੀਨਾ ਆਉਣਾ
- ਵਧੀ ਹੋਈ ਦਿਲ ਦੀ ਧੜਕਣ।
ਸਦਮੇ ਪ੍ਰਤੀ ਵਿਹਾਰਕ ਪ੍ਰਤੀਕਰਮ
ਸਦਮੇ ਪ੍ਰਤੀ ਆਮ ਵਿਹਾਰਕ ਪ੍ਰਤੀਕਰਮਾਂ ਵਿੱਚ ਸ਼ਾਮਲ ਹਨ:
- ਘਟਨਾ ਨੂੰ ਯਾਦ ਕਰਵਾਉਣ ਵਾਲੀਆਂ ਗੱਲਾਂ ਤੋਂ ਬਚਣਾ
- ਜੋ ਵਾਪਰਿਆ ਚੁੱਕਾ ਹੈ ਉਸ 'ਤੇ ਧਿਆਨ ਕੇਂਦਰਿਤ ਕਰਨਾ ਬੰਦ ਕਰਨ ਦੀ ਅਸਮਰੱਥਾ
- ਰਿਕਵਰੀ-ਸੰਬੰਧਿਤ ਕੰਮਾਂ ਵਿੱਚ ਡੁੱਬ ਜਾਣਾ
- ਆਮ ਰੋਜ਼ਮਰਾ ਨਿੱਤ ਦੇ ਕੰਮ ਨਾਲ ਸੰਪਰਕ ਗੁਆਉਣਾ
- ਬਦਲਦੀ ਭੁੱਖ, ਜਿਵੇਂ ਕਿ ਬਹੁਤ ਜ਼ਿਆਦਾ ਜਾਂ ਬਹੁਤ ਘੱਟ ਖਾਣਾ
- ਸ਼ਰਾਬ, ਸਿਗਰੇਟ ਅਤੇ ਕੌਫੀ ਵਰਗੇ ਪਦਾਰਥਾਂ ਵੱਲ ਚਲੇ ਜਾਣਾ
- ਨੀਂਦ ਸਮੱਸਿਆਵਾਂ।
ਸਦਮਾਮਈ ਘਟਨਾ ਵਿੱਚੋਂ ਮਤਲਬ ਕੱਢਣੇ
ਇੱਕ ਵਾਰ ਸਦਮਾਮਈ ਘਟਨਾ ਦੇ ਖ਼ਤਮ ਹੋ ਜਾਣ ਤੋਂ ਬਾਅਦ, ਤੁਸੀਂ ਆਪਣੇ ਆਪ ਉਸ ਘਟਨਾ ਨੂੰ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹੋ। ਇਸ ਵਿੱਚ ਇਹ ਸੋਚਣਾ ਸ਼ਾਮਲ ਹੋ ਸਕਦਾ ਹੈ ਕਿ ਇਹ ਕਿਵੇਂ ਅਤੇ ਕਿਉਂ ਹੋਇਆ, ਤੁਸੀਂ ਕਿਵੇਂ ਅਤੇ ਕਿਉਂ ਸ਼ਾਮਲ ਸੀ, ਤੁਸੀਂ ਜਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਉਸ ਤਰ੍ਹਾਂ ਦਾ ਕਿਉਂ ਮਹਿਸੂਸ ਕਰਦੇ ਹੋ, ਕੀ ਜਿਸ ਤਰ੍ਹਾਂ ਦਾ ਤੁਸੀਂ ਮਹਿਸੂਸ ਕਰ ਰਹੇ ਹੋ ਇਹ ਦਰਸਾਉਂਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦੇ ਵਿਅਕਤੀ ਹੋ, ਕੀ ਇਸ ਅਨੁਭਵ ਨੇ ਜੀਵਨ ਪ੍ਰਤੀ ਤੁਹਾਡਾ ਨਜ਼ਰੀਆ ਬਦਲਿਆ ਹੈ, ਅਤੇ ਕਿਵੇਂ।
ਸਦਮੇ ਪ੍ਰਤੀ ਦੁਖਦਾਈ ਪ੍ਰਤੀਕ੍ਰਿਆਵਾਂ ਨੂੰ ਹੱਲ ਕਰਨ ਵਿੱਚ ਮੱਦਦ ਕਰਨਾ
ਇੱਥੇ ਬਹੁਤ ਸਾਰੀਆਂ ਰਣਨੀਤੀਆਂ ਹਨ ਜੋ ਕਿਸੇ ਵਿਅਕਤੀ ਨੂੰ ਸਦਮਾਮਈ ਪ੍ਰਤੀਕ੍ਰਿਆਵਾਂ ਨੂੰ ਹੱਲ ਕਰਨ ਵਿੱਚ ਮੱਦਦ ਕਰ ਸਕਦੀਆਂ ਹਨ।
- ਇਸ ਗੱਲ ਨੂੰ ਸਵੀਕਾਰੋ ਕਿ ਤੁਸੀਂ ਕਿਸੇ ਦੁਖਦਾਈ ਜਾਂ ਡਰਾਉਣੇ ਅਨੁਭਵ ਵਿੱਚੋਂ ਲੰਘੇ ਹੋ ਅਤੇ ਇਹ ਕਿ ਤੁਸੀਂ ਇਸ ਪ੍ਰਤੀ ਪ੍ਰਤੀਕਿਰਿਆ ਕਰੋਗੇ।
- ਸਵੀਕਾਰ ਕਰੋ ਕਿ ਤੁਸੀਂ ਕੁੱਝ ਸਮੇਂ ਲਈ ਆਪਣੇ-ਆਪ ਨੂੰ ਆਮ ਮਹਿਸੂਸ ਨਹੀਂ ਕਰੋਗੇ, ਪਰ ਇਹ ਵੀ ਕਿ ਆਖ਼ਿਰ ਨੂੰ ਇਹ ਸਭ ਵੀ ਲੰਘ ਜਾਵੇਗਾ।
- ਆਪਣੇ-ਆਪ ਨੂੰ ਰੋਜ਼ਾਨਾ ਯਾਦ ਦਿਵਾਓ ਕਿ ਤੁਸੀਂ ਨਜਿੱਠ ਪਾ ਰਹੇ ਹੋ - ਜੇਕਰ ਤੁਸੀਂ ਚੀਜ਼ਾਂ ਨੂੰ ਆਮ ਵਾਂਗ ਜਾਂ ਕੁਸ਼ਲਤਾ ਨਾਲ ਕਰਨ ਦੇ ਯੋਗ ਨਹੀਂ ਹੋ ਤਾਂ ਆਪਣੇ ਆਪ ਨਾਲ ਗੁੱਸੇ ਜਾਂ ਨਿਰਾਸ਼ ਹੋਣ ਦੀ ਕੋਸ਼ਿਸ਼ ਨਾ ਕਰੋ।
- ਨਜਿੱਠਣ ਵਿੱਚ ਤੁਹਾਡੀ ਮੱਦਦ ਕਰਨ ਲਈ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੀ ਜ਼ਿਆਦਾ ਵਰਤੋਂ ਨਾ ਕਰੋ।
- ਜਦੋਂ ਤੱਕ ਤੁਸੀਂ ਬਿਹਤਰ ਮਹਿਸੂਸ ਨਹੀਂ ਕਰਦੇ ਉਦੋਂ ਤੱਕ ਵੱਡੇ ਫ਼ੈਸਲੇ ਲੈਣ ਜਾਂ ਜੀਵਨ ਵਿੱਚ ਵੱਡੀਆਂ ਤਬਦੀਲੀਆਂ ਕਰਨ ਤੋਂ ਬਚੋ।
- ਹੌਲੀ-ਹੌਲੀ ਇਸ ਦਾ ਸਾਹਮਣਾ ਕਰੋ ਕਿ ਕੀ ਹੋਇਆ ਹੈ - ਇਸਨੂੰ ਰੋਕਣ ਦੀ ਕੋਸ਼ਿਸ਼ ਨਾ ਕਰੋ।
- ਆਪਣੀਆਂ ਭਾਵਨਾਵਾਂ ਨੂੰ ਬੰਦ ਨਾ ਕਰੋ - ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰੋ ਜੋ ਤੁਹਾਨੂੰ ਸਮਰਥਨ ਕਰ ਅਤੇ ਸਮਝ ਸਕਦਾ ਹੈ।
- ਆਪਣੀ ਆਮ ਨਿੱਤ ਦੇ ਕੰਮ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰੋ ਅਤੇ ਰੁੱਝੇ ਰਹੋ।
- ਕੁੱਝ ਥਾਵਾਂ ਜਾਂ ਗਤੀਵਿਧੀਆਂ ਤੋਂ ਬਚਣ ਲਈ ਆਪਣੇ ਆਮ ਵਿਵਹਾਰ ਤੋਂ ਬਾਹਰ ਹੋ ਕੇ ਵਿਸੇਸ਼ ਕੋਸ਼ਿਸ ਨਾ ਕਰੋ। ਸਦਮੇ ਨੂੰ ਆਪਣੀ ਜ਼ਿੰਦਗੀ ਨੂੰ ਸੀਮਤ ਨਾ ਕਰਨ ਦਿਓ, ਪਰ ਆਮ ਵਾਂਗ ਵਾਪਸ ਆਉਣ ਲਈ ਆਪਣਾ ਸਮਾਂ ਲਓ।
- ਜਦੋਂ ਤੁਸੀਂ ਥਕਾਵਟ ਮਹਿਸੂਸ ਕਰਦੇ ਹੋ, ਤਾਂ ਇਹ ਯਕੀਨੀ ਬਣਾਓ ਕਿ ਤੁਸੀਂ ਆਰਾਮ ਕਰਨ ਲਈ ਸਮਾਂ ਕੱਢੋ।
- ਬਾਕਾਇਦਾ ਕਸਰਤ ਲਈ ਸਮਾਂ ਕੱਢੋ - ਇਹ ਤੁਹਾਡੇ ਸਰੀਰ ਅਤੇ ਦਿਮਾਗ ਨੂੰ ਤਣਾਅ ਤੋਂ ਸਾਫ਼ ਕਰਨ ਵਿੱਚ ਮਦਦ ਕਰਦਾ ਹੈ।
- ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਇਹ ਦੱਸ ਕੇ ਤੁਹਾਡੀ ਸਹਾਇਤਾ ਕਰਨ ਵਿੱਚ ਮੱਦਦ ਕਰੋ ਕਿ ਤੁਹਾਨੂੰ ਕੀ ਚਾਹੀਦਾ ਹੈ, ਜਿਵੇਂ ਕਿ ਬਾਹਰ ਜਾਣ ਲਈ ਸਮਾਂ ਕੱਢਣ ਜਾਂ ਕਿਸੇ ਨਾਲ ਗੱਲ ਕਰਨ ਲਈ।
- ਆਰਾਮ ਕਰੋ - ਆਰਾਮ ਦੀਆਂ ਤਕਨੀਕਾਂ ਦੀ ਵਰਤੋਂ ਕਰੋ ਜਿਵੇਂ ਕਿ ਯੋਗਾ, ਸਾਹ ਲੈਣਾ ਜਾਂ ਧਿਆਨ ਲਗਾਉਣਾ, ਜਾਂ ਉਹ ਚੀਜ਼ਾਂ ਕਰੋ ਜੋ ਤੁਸੀਂ ਪਸੰਦ ਕਰਦੇ ਹੋ, ਜਿਵੇਂ ਕਿ ਸੰਗੀਤ ਸੁਣਨਾ ਜਾਂ ਬਾਗਬਾਨੀ ਕਰਨਾ।
- ਆਪਣੀਆਂ ਭਾਵਨਾਵਾਂ ਨੂੰ ਉੱਭਰਨ ਸਮੇਂ ਹੀ ਪ੍ਰਗਟ ਕਰੋ - ਆਪਣੀਆਂ ਭਾਵਨਾਵਾਂ ਬਾਰੇ ਕਿਸੇ ਨਾਲ ਗੱਲ ਕਰੋ ਜਾਂ ਉਹਨਾਂ ਨੂੰ ਲਿਖੋ।
- ਜਦੋਂ ਸਦਮਾ ਯਾਦਾਂ ਜਾਂ ਭਾਵਨਾਵਾਂ ਨੂੰ ਸਾਹਮਣੇ ਲਿਆਉਂਦਾ ਹੈ, ਤਾਂ ਉਹਨਾਂ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕਰੋ। ਉਹਨਾਂ ਬਾਰੇ ਸੋਚੋ, ਫਿਰ ਉਹਨਾਂ ਨੂੰ ਪਾਸੇ ਰੱਖ ਦਿਓ। ਜੇ ਇਹ ਪਿਛਲੀਆਂ ਹੋਰ ਯਾਦਾਂ ਨੂੰ ਸਾਹਮਣੇ ਲਿਆਉਂਦਾ ਹੈ, ਤਾਂ ਉਹਨਾਂ ਨੂੰ ਮੌਜੂਦਾ ਸਮੱਸਿਆ ਤੋਂ ਵੱਖ ਰੱਖਣ ਦੀ ਕੋਸ਼ਿਸ਼ ਕਰੋ ਅਤੇ ਉਹਨਾਂ ਨਾਲ ਵੱਖਰੇ ਤੌਰ 'ਤੇ ਨਜਿੱਠੋ।
ਠੀਕ ਹੋਣ ਅਤੇ ਰਿਕਵਰੀ ਦੀ ਪ੍ਰਕਿਰਿਆ
ਕੋਈ ਵੀ ਘਟਨਾ ਜੋ ਕਿਸੇ ਵਿਅਕਤੀ ਦੀ ਆਪਣੀ ਜਾਨ ਜਾਂ ਦੂਜਿਆਂ ਦੀ ਜਾਨ ਨੂੰ ਖ਼ਤਰੇ ਵਿੱਚ ਪਾਉਂਦੀ ਹੈ, ਨਤੀਜੇ ਵਜੋਂ ਮਨੁੱਖੀ ਸਰੀਰ ਉੱਚੇ ਉਤਸ਼ਾਹ ਦੀ ਸਥਿਤੀ ਵਿੱਚ ਚਲਾ ਜਾਂਦਾ ਹੈ। ਇਹ ਇੱਕ 'ਐਮਰਜੈਂਸੀ ਮੋਡ' ਵਰਗਾ ਹੁੰਦਾ ਹੈ ਜਿਸ ਵਿੱਚ ਅੰਦਰੂਨੀ ਅਲਾਰਮ ਚਾਲੂ ਕੀਤੇ ਜਾਣ ਦੀ ਇੱਕ ਲੜੀ ਸ਼ਾਮਲ ਹੁੰਦੀ ਹੈ। ਐਮਰਜੈਂਸੀ ਮੋਡ ਲੋਕਾਂ ਨੂੰ ਬਚਣ ਦੀ ਸੰਭਾਵਨਾ ਨੂੰ ਵੱਧ ਤੋਂ ਵੱਧ ਕਰਨ ਲਈ ਥੋੜ੍ਹੇ ਸਮੇਂ ਵਿੱਚ ਬਹੁਤ ਸਾਰੀ ਊਰਜਾ ਦਿੰਦਾ ਹੈ।
ਜ਼ਿਆਦਾਤਰ ਲੋਕ ਸਿਰਫ ਥੋੜ੍ਹੇ ਸਮੇਂ ਲਈ ਜਾਂ ਤਤਕਾਲ ਖ਼ਤਰਾ ਖਤਮ ਹੋਣ ਤੱਕ ਹੀ ਐਮਰਜੈਂਸੀ ਮੋਡ ਵਿੱਚ ਰਹਿੰਦੇ ਹਨ, ਪਰ ਕਈ ਵਾਰੀ ਲੋਕ ਇਸ ਤੋਂ ਬਾਅਦ ਵੀ ਇਸ ਵਿੱਚ ਜਾਂਦੇ ਰਹਿੰਦੇ ਹਨ ਜਦੋਂ ਅਚਾਨਕ ਕੁੱਝ ਵਾਪਰਦਾ ਹੈ। ਐਮਰਜੈਂਸੀ ਮੋਡ ਵਿੱਚ ਹੋਣਾ ਅਹਿਮ ਊਰਜਾ ਸਪਲਾਈ ਦੀ ਵਰਤੋਂ ਕਰਦਾ ਹੈ ਅਤੇ ਇਸ ਲਈ ਲੋਕ ਅਕਸਰ ਬਾਅਦ ਵਿੱਚ ਥੱਕੇ ਹੋਏ ਮਹਿਸੂਸ ਕਰਦੇ ਹਨ।
ਆਮ ਤੌਰ 'ਤੇ ਠੀਕ ਹੋਣ ਅਤੇ ਰਿਕਵਰੀ ਦੀ ਪ੍ਰਕਿਰਿਆ ਵਿੱਚ ਸਰੀਰ ਨੂੰ ਉੱਚੇ ਉਤਸ਼ਾਹ ਤੋਂ ਬਾਹਰ ਆਉਣਾ ਸ਼ਾਮਲ ਹੁੰਦਾ ਹੈ। ਅੰਦਰੂਨੀ ਅਲਾਰਮ ਬੰਦ ਹੋ ਸਕਦੇ ਹਨ, ਊਰਜਾ ਦੇ ਉੱਚ ਪੱਧਰ ਘੱਟ ਜਾਂਦੇ ਹਨ, ਅਤੇ ਸਰੀਰ ਆਪਣੇ ਆਪ ਨੂੰ ਸੰਤੁਲਨ ਅਤੇ ਟਿਕਾਅ ਦੀ ਆਮ ਸਥਿਤੀ ਵਿੱਚ ਦੁਬਾਰਾ ਕਾਇਮ ਕਰ ਸਕਦਾ ਹੈ। ਆਮ ਤੌਰ 'ਤੇ, ਇਹ ਘਟਨਾ ਹੋਣ ਦੇ ਲਗਭਗ ਇੱਕ ਮਹੀਨੇ ਦੇ ਅੰਦਰ ਹੋਣਾ ਚਾਹੀਦਾ ਹੈ।
ਕਿਸੇ ਸਿਹਤ ਪੇਸ਼ੇਵਰ ਤੋਂ ਮੱਦਦ ਮੰਗਣਾ
ਸਦਮਾਮਈ ਤਣਾਅ ਕੁੱਝ ਲੋਕਾਂ ਵਿੱਚ ਬਹੁਤ ਸਖ਼ਤ ਪ੍ਰਤੀਕ੍ਰਿਆਵਾਂ ਦਾ ਕਾਰਨ ਬਣ ਸਕਦਾ ਹੈ ਅਤੇ ਗੰਭੀਰ ਹੋ ਸਕਦਾ ਹੈ (ਜਾਰੀ ਰਹਿ ਸਕਦਾ ਹੈ)। ਤੁਹਾਨੂੰ ਪੇਸ਼ੇਵਰ ਮੱਦਦ ਲੈਣੀ ਚਾਹੀਦੀ ਹੈ ਜੇਕਰ ਤੁਸੀਂ:
- ਘਟਨਾ ਤੋਂ ਬਾਅਦ ਬਹੁਤ ਦੁਖੀ ਮਹਿਸੂਸ ਕਰ ਰਹੇ ਹੋ
- ਤੀਬਰ ਭਾਵਨਾਵਾਂ ਜਾਂ ਸਰੀਰਕ ਸੰਵੇਦਨਾਵਾਂ ਨੂੰ ਸੰਭਾਲਣ ਵਿੱਚ ਅਸਮਰੱਥ ਹੋ
- ਆਮ ਭਾਵਨਾਵਾਂ ਨਹੀਂ ਹਨ, ਪਰ ਸੁੰਨ ਅਤੇ ਖ਼ਾਲੀ-ਖ਼ਾਲੀ ਮਹਿਸੂਸ ਕਰਨਾ ਜਾਰੀ ਰੱਖਦੇ ਹੋ
- ਮਹਿਸੂਸ ਕਰਦੇ ਹੋ ਕਿ ਤੁਸੀਂ ਤਿੰਨ ਜਾਂ ਚਾਰ ਹਫ਼ਤਿਆਂ ਬਾਅਦ ਆਮ ਵਾਂਗ ਵਾਪਸ ਨਹੀਂ ਹੋ ਰਹੇ ਹੋ
- ਸਰੀਰਕ ਤਣਾਅ ਦੇ ਲੱਛਣ ਜਾਰੀ ਰਹਿੰਦੇ ਹਨ
- ਨੀਂਦ ਵਿੱਚ ਵਿਘਨ ਪੈਂਦਾ ਜਾਂ ਡਰਾਉਣੇ ਸੁਪਨੇ ਆਉਂਦੇ ਰਹਿੰਦੇ ਹਨ
- ਜਾਣਬੁੱਝ ਕੇ ਕਿਸੇ ਵੀ ਅਜਿਹੀ ਚੀਜ਼ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋ ਜੋ ਤੁਹਾਨੂੰ ਦੁਖਦਾਈ ਅਨੁਭਵ ਦੀ ਯਾਦ ਦਿਵਾਉਂਦੀ ਹੈ
- ਕੋਈ ਅਜਿਹਾ ਨਹੀਂ ਹੈ ਜਿਸ ਨਾਲ ਤੁਸੀਂ ਆਪਣੀਆਂ ਭਾਵਨਾਵਾਂ ਸਾਂਝੀਆਂ ਕਰ ਸਕੋ
- ਲੱਗਦਾ ਹੈ ਕਿ ਪਰਿਵਾਰ ਅਤੇ ਦੋਸਤਾਂ ਨਾਲ ਰਿਸ਼ਤੇ ਦੁਖਦਾਇਕ ਹਨ
- ਦੁਰਘਟਨਾ ਦਾ ਸ਼ਿਕਾਰ ਬਣਨ ਵਾਂਗ ਹੋ ਰਹੇ ਹੋ ਅਤੇ ਜ਼ਿਆਦਾ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰ ਰਹੇ ਹੋ
- ਕੰਮ 'ਤੇ ਵਾਪਸ ਨਹੀਂ ਜਾ ਸਕਦੇ ਜਾਂ ਜ਼ਿੰਮੇਵਾਰੀਆਂ ਨਹੀਂ ਚੁੱਕ ਸਕਦੇ
- ਸਦਮਾਮਈ ਅਨੁਭਵ ਨੂੰ ਮੁੜ ਤੋਂ ਜੀਉਂਦੇ ਹੋ
- ਬਹੁਤ ਜ਼ਿਆਦਾ ਚਿੜਚਿੜਾ ਮਹਿਸੂਸ ਕਰਦੇ ਹੋ ਅਤੇ ਆਸਾਨੀ ਨਾਲ ਤ੍ਰਬਕ ਸਕਦੇ ਹੋ।
ਸਦਮੇ ਤੋਂ ਬਾਅਦ ਦਾ ਤਣਾਅ ਵਿਕਾਰ (PTSD)
ਸਦਮਾਮਈ ਘਟਨਾ ਤੋਂ ਬਾਅਦ, ਕੁੱਝ ਲੋਕਾਂ ਨੂੰ ਪਤਾ ਚੱਲਦਾ ਹੈ ਕਿ ਉਹਨਾਂ ਦੀਆਂ ਪ੍ਰਤੀਕ੍ਰਿਆਵਾਂ ਗੰਭੀਰ ਹਨ ਅਤੇ ਇੱਕ ਮਹੀਨੇ ਦੇ ਬਾਅਦ ਵੀ ਹੌਲੀ-ਹੌਲੀ ਘੱਟ ਨਹੀਂ ਹੋ ਰਹੀਆਂ ਹਨ। ਗੰਭੀਰ, ਲੰਮੇਰੀਆਂ ਪ੍ਰਤੀਕ੍ਰਿਆਵਾਂ ਅਸਮਰੱਥ ਕਰ ਸਕਦੀਆਂ ਹਨ, ਅਤੇ ਪਰਿਵਾਰ ਅਤੇ ਦੋਸਤਾਂ ਨਾਲ ਵਿਅਕਤੀ ਦੇ ਸੰਬੰਧਾਂ ਦੇ ਨਾਲ-ਨਾਲ ਕੰਮ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਅਜਿਹੀਆਂ ਪ੍ਰਤੀਕ੍ਰਿਆਵਾਂ ਸਦਮੇ ਤੋਂ ਬਾਅਦ ਦੇ ਤਣਾਅ ਸੰਬੰਧੀ ਵਿਗਾੜ ਦਾ ਸੰਕੇਤ ਦੇ ਸਕਦੀਆਂ ਹਨ। ਇਸ ਸਥਿਤੀ ਵਿੱਚ, ਘਟਨਾ ਦਾ ਅਜਿਹਾ ਪ੍ਰਭਾਵ ਉੱਚ ਪੱਧਰੀ ਤਣਾਅ ਦਾ ਕਾਰਨ ਬਣਦਾ ਹੈ।
ਜੇ ਤੁਸੀਂ ਸੋਚਦੇ ਹੋ ਕਿ ਤੁਸੀਂ PTSD ਦਾ ਅਨੁਭਵ ਕਰ ਰਹੇ ਹੋ, ਤਾਂ ਤੁਹਾਨੂੰ ਕਿਸੇ ਸਿਹਤ ਪੇਸ਼ੇਵਰ ਤੋਂ ਮੱਦਦ ਲੈਣੀ ਚਾਹੀਦੀ ਹੈ।
ਜੇਕਰ ਕਿਸੇ ਵੀ ਸਮੇਂ ਤੁਸੀਂ ਆਪਣੀ ਮਾਨਸਿਕ ਸਿਹਤ ਜਾਂ ਕਿਸੇ ਅਜ਼ੀਜ਼ ਦੀ ਮਾਨਸਿਕ ਸਿਹਤ ਬਾਰੇ ਚਿੰਤਤ ਹੋ, ਤਾਂ ਲਾਈਫਲਾਈਨ ਨੂੰ 13 11 14 'ਤੇ ਫ਼ੋਨ ਕਰੋ।
ਮੱਦਦ ਕਿੱਥੋਂ ਲੈਣੀ ਹੈ
- ਤੁਹਾਡਾ ਜੀਪੀ (ਡਾਕਟਰ), ਮਾਨਸਿਕ ਸਿਹਤ ਮਾਹਿਰ, ਜਿਵੇਂ ਕਿ ਕੋਈ ਦਵਾਈ ਨਾਲ ਇਲਾਜ ਕਰਨ ਵਾਲੇ ਮਨੋਰੋਗ ਮਾਹਿਰ (ਸਿਕਾਇਅਟ੍ਰਿਸਟ), ਸਲਾਹ-ਮਸ਼ਵਰੇ ਵਾਲੇ ਮਨੋਵਿਗਿਆਨੀ (ਸਾਇਕੋਲੋਜਿਸਟ), ਸਲਾਹਕਾਰ ਜਾਂ ਸਮਾਜ ਸੇਵਕ
- ਤੁਹਾਡਾ ਸਥਾਨਕ ਭਾਈਚਾਰਕ ਸਿਹਤ ਕੇਂਦਰ
- ਆਸਟ੍ਰੇਲੀਅਨ ਸਾਈਕੋਲਾਜੀਕਲ ਸੋਸਾਇਟੀ ਰੈਫ਼ਰਲ ਸਰਵਿਸ ਟੈਲੀਫ਼ੋਨ 1800 333 497
- ਫੀਨਿਕਸ ਆਸਟ੍ਰੇਲੀਆ ਸੈਂਟਰ ਫਾਰ ਪੋਸਟ-ਟਰੌਮੈਟਿਕ ਮੈਂਟਲ ਹੈਲਥ ਟੈਲੀਫ਼ੋਨ (03) 9035 5599
- Centre for Grief and Bereavement (ਮਾਤਮ ਅਤੇ ਸੋਗ ਲਈ ਕੇਂਦਰ) ਟੈਲੀਫ਼ੋਨ 1800 642 066
ਜਿਹੜੀਆਂ ਆਮ ਟੈਲੀਫ਼ੋਨ ਸਲਾਹ ਸੇਵਾਵਾਂ ਸਲਾਹ ਪ੍ਰਦਾਨ ਕਰ ਸਕਦੀਆਂ ਹਨ:
- Lifeline (ਲਾਈਫ਼ਲਾਈਨ) ਟੈਲੀਫ਼ੋਨ 13 11 14
- GriefLine (ਗ੍ਰੀਫ਼ਲਾਈਨ) ਟੈਲੀਫ਼ੋਨ 1300 845 745
- beyondblue (ਬਾਇਓਂਡਬਲੂ) ਟੈਲੀਫ਼ੋਨ 1300 22 4636
- ਨਰਸ-ਔਨ-ਕਾਲ ਟੈਲੀਫ਼ੋਨ 1300 60 60 24 – ਮਾਹਰ ਸਿਹਤ ਜਾਣਕਾਰੀ ਅਤੇ ਸਲਾਹ ਲਈ (24 ਘੰਟੇ, 7 ਦਿਨ)